HostGator Web Hosting

Tuesday 12 April 2016

ਿਵਸਾਖੀ

ਭਾਈ ਜੈਤਾ ਜਦੋਂ ਦਿੱਲੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਤਾਂ ਬਾਲ ਗੁਰੂ, ਗੁਰੂ ਗੋਬਿੰਦ ਰਾਏ ਜੀ ਨੇ ਪੁੱਛਿਆ, 'ਭਾਈ ਜੈਤਾ, ਜਦੋਂ ਜਲਾਦ ਦੀ ਤਿੱਖੀ ਤਲਵਾਰ ਨੇ ਪਿਤਾ ਗੁਰੂ ਜੀ ਦਾ ਸੀਸ ਧੜ ਤੋਂ ਅਲੱਗ ਕੀਤਾ ਹੋਏਗਾ, ਤਾਂ ਦਿੱਲੀ ਦੇ ਸਿੱਖ ਤਾਂ ਬਹੁਤ ਰੋਹ ਵਿਚ ਆ ਗਏ ਹੋਣਗੇ?' ਭਾਈ ਜੈਤਾ ਕਹਿੰਦਾ, 'ਨਹੀਂ ਮਹਾਰਾਜ, ਕੋਈ ਸਿੱਖ ਰੋਹ ਵਿਚ ਨਹੀਂ ਆਇਆ। ਆਮ ਲੋਕਾਂ ਦੀ ਭੀੜ ਵਿਚ ਰਲ ਕੇ ਸਾਰੇ ਸਿੱਖ ਇਧਰ-ਉਧਰ ਖਿਸਕ ਗਏ।'
ਭਾਈ ਜੈਤੇ ਦਾ ਜਵਾਬ ਸੁਣ ਕੇ ਗੁਰੂ ਗੋਬਿੰਦ ਰਾਏ ਸੋਚਾਂ ਵਿਚ ਪੈ ਗਏ। ਕੁਝ ਦੇਰ ਚੁੱਪ ਰਹਿ ਕੇ ਬੱਦਲ ਵਾਂਗ ਗਰਜ ਕੇ ਬੋਲੇ, 'ਹੁਣ ਮੈਂ ਅਜਿਹੇ ਸਿੱਖ ਪੈਦਾ ਕਰਾਂਗਾ ਕਿ ਜੇ ਹਜ਼ਾਰਾਂ ਦੀ ਭੀੜ ਵਿਚ ਇਕ ਸਿੱਖ ਵੀ ਖੜ੍ਹਾ ਹੋਵੇਗਾ ਤਾਂ ਵੱਖਰਾ ਹੀ ਪਛਾਣਿਆ ਜਾਏਗਾ। ਕਿਸੇ ਵਿਚ ਰਲਾਇਆਂ ਵੀ ਨਹੀਂ ਰਲੇਗਾ।' 'ਸੂਰਜ ਪ੍ਰਕਾਸ਼' ਵਿਚ ਭਾਈ ਸੰਤੋਖ ਸਿੰਘ ਲਿਖਦੇ ਹਨ-
ਸ੍ਰੀ ਗੋਬਿੰਦ ਸਿੰਘ ਸੁਣ ਕਰ ਐਸੇ। ਗਰਜਤ ਬੋਲੇ ਜਲਧਰ ਜੈਸੇ।
ਇਸ ਬਿਧਿ ਕੋ ਅਬ ਪੰਥ ਬਨਾਵੋਂ। ਸਕਲ ਜਗਤ ਮਹਿ ਬਹੁ ਬਿਦਤਾਵੋਂ।
ਲਾਖਹੁੰ ਜਗ ਕੇ ਨਰ ਇਕ ਥਾਇ। ਤਿਨ ਮਹਿ ਮਿਲੇ ਏਕ ਸਿਖ ਜਾਇ।
ਸਭ ਮਹਿ ਪ੍ਰਥਕ ਪਛਾਨਯੋ ਪਰੈ। ਰਲੇ ਨ ਕਿਯੂੰਹੂੰ ਕੈਸਿਹੁੰ ਕਰੈ।
ਐਸੇ ਸਿੱਖ ਦੀ ਸਿਰਜਣਾ ਕਰਨ ਲਈ ਦਸਮ ਪਾਤਸ਼ਾਹ 24 ਸਾਲ ਸੋਚਦੇ ਰਹੇ। ਨਾਲ ਦੀ ਨਾਲ ਆਪਣੀ ਕਲਪਨਾ ਦਾ ਸਿੱਖ ਸਜਾਉਣ ਲਈ ਸਿੱਖਾਂ ਨੂੰ ਸਿਖਲਾਈ ਵੀ ਦਿੰਦੇ ਰਹੇ। ਭੰਗਾਣੀ ਤੇ ਨਦੌਣ ਦੇ ਯੁੱਧ ਹੋਏ। ਗੁਲੇਰ ਦੀ ਜੰਗ (ਹੁਸੈਨੀ ਯੁੱਧ) ਵਿਚ ਮੁਗਲਾਂ ਨਾਲ ਵੀ ਟਾਕਰਾ ਹੋਇਆ। ਆਖਰ 1699 ਈ: ਦੀ ਵਿਸਾਖੀ ਨੂੰ ਉਹ ਦਿਨ ਆ ਗਿਆ, ਜਿਸ ਦਿਨ ਦਸਮ ਪਾਤਸ਼ਾਹ ਨੇ ਆਪਣੀ ਕਲਪਨਾ ਦੇ ਸਿੱਖ ਨੂੰ ਸਾਕਾਰ ਕਰਨਾ ਸੀ। ਸਤਲੁਜ ਦੇ ਕਿਨਾਰੇ ਕੇਸਗੜ੍ਹ ਸਾਹਿਬ ਦੀ ਟਿੱਬੀ ਉੱਤੇ ਪੰਜਾਬ, ਹਿੰਦੁਸਤਾਨ ਤੇ ਕਾਬਲ ਗਜ਼ਨੀ ਦੇ ਸਿੱਖਾਂ ਦਾ ਭਾਰੀ ਇਕੱਠ ਹੋਇਆ। ਹਰ ਪਾਸੇ ਸਿੱਖ ਸੰਗਤਾਂ ਦਾ ਹੜ੍ਹ ਆਇਆ ਹੋਇਆ ਸੀ। 'ਸ੍ਰੀ ਗੁਰ ਸੋਭਾ' (1711 ਈ:) ਵਿਚ ਕਵੀ ਸੈਨਾਪਤਿ ਲਿਖਦੇ ਹਨ-
ਸਬ ਸਮੂਹ ਸੰਗਤਿ ਮਿਲੀ ਸੁਭ ਸਤਿਲੁਜ ਕੇ ਤੀਰ।
ਕੇਤਕ ਸੁਨ ਭਏ ਖਾਲਸਾ ਕੇਤਕ ਭਏ ਅਧੀਰ।
ਖਾਲਸਾ ਸਿਰਜਣਾ ਭਾਰਤੀ ਇਤਿਹਾਸ ਦੀ ਇਕ ਵਿਲੱਖਣ ਘਟਨਾ ਸੀ। ਕੁਝ ਹੀ ਦਿਨਾਂ ਵਿਚ 80,000 ਸਿੱਖਾਂ ਨੇ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਰਾਏ ਆਪ ਵੀ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਸਜ ਗਏ। ਕੁਝ ਗਿਣਤੀ ਦੇ ਸ਼ੰਕਾਵਾਦੀ ਸਿੱਖਾਂ ਦੀ ਅਧੀਰਤਾ ਦਾ ਵੱਡਾ ਕਾਰਨ ਇਹ ਸੀ ਕਿ ਅੰਮ੍ਰਿਤ ਦੇ ਸਿਧਾਂਤ ਨੇ ਪੁਰਾਤਨ ਕਰਮਕਾਂਡਾਂ ਦੇ ਜਾਲ ਨੂੰ ਤੋੜ ਕੇ ਭਾਰਤੀ ਸਮਾਜ ਦੇ ਚਹੁੰ ਵਰਨਾਂ ਨੂੰ ਇਕ ਵਰਨ ਵਿਚ ਪਰੋ ਦਿੱਤਾ ਸੀ। ਗੁਰਮਤਿ 'ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥' ਦੇ ਸਿਧਾਂਤ ਦੀ ਧਾਰਨੀ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ-
ਜਾਤਿ ਬਰਨ ਕੁਲ ਸਹਸਾ ਚੂਕਾ
ਗੁਰਮਤਿ ਸਬਦਿ ਬੀਚਾਰੀ॥ (ਅੰਗ 1198)
ਪੰਚਮ ਪਾਤਸ਼ਾਹ ਦਾ ਫ਼ਰਮਾਨ ਹੈ-
ਖਤ੍ਰੀ ਬ੍ਰਾਹਮਣ ਸੂਦ ਵੈਸ
ਉਪਦੇਸੁ ਚਹੁ ਵਰਨਾ ਕਉ ਸਾਝਾ॥ (ਅੰਗ 747)
1699 ਦੀ ਵਿਸਾਖੀ ਦੇ ਦੀਵਾਨ ਵਿਚ ਅਖੌਤੀ ਨਿਮਨ ਜਾਤੀਆਂ ਦੇ ਸਿੱਖ ਬਹੁਗਿਣਤੀ ਵਿਚ ਸ਼ਾਮਲ ਹੋਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਚੋਣ ਜਾਤਾਂ ਦੇ ਆਧਾਰ 'ਤੇ ਨਹੀਂ ਕੀਤੀ ਸੀ। ਗੁਰੂ ਦੀ ਲਲਕਾਰ ਨੂੰ ਸਵੀਕਾਰ ਕਰਕੇ ਜਿਹੜਾ ਸਿੱਖ ਖੜ੍ਹਾ ਹੋ ਗਿਆ, ਉਹ ਪੰਜਾਂ ਪਿਆਰਿਆਂ ਵਿਚ ਸ਼ਾਮਲ ਹੋ ਗਿਆ। ਪੰਜਾਂ ਪਿਆਰਿਆਂ ਦੀ ਚੋਣ ਗਿਣੀ-ਮਿਥੀ ਨਹੀਂ, ਸੁਭਾਵਿਕ ਸੀ। ਗੁਰੂ ਘਰ ਨੇ ਗਰੀਬ ਤੇ ਨਿਮਾਣੇ ਲੋਕਾਂ ਨੂੰ ਗਲ ਨਾਲ ਲਾਇਆ ਸੀ। ਇਸ ਲਈ ਉਹ ਹਰ ਸਮੇਂ ਗੁਰੂ ਦੇ ਹੁਕਮ 'ਤੇ ਜਾਨਾਂ ਵਾਰਨ ਲਈ ਤਿਆਰ ਰਹਿੰਦੇ ਸਨ। ਕਈ ਸਿੱਖ ਤੇ ਗੈਰ-ਸਿੱਖ ਵਿਦਵਾਨ ਤੇ ਇਤਿਹਾਸਕਾਰ ਤਾਂ ਇਥੋਂ ਤੱਕ ਕਹਿੰਦੇ ਹਨ ਕਿ ਸਿੱਖ ਲਹਿਰ ਪਛੜੇ ਤੇ ਗਰੀਬ ਵਰਗਾਂ ਦੇ ਉੱਥਾਨ ਦੀ ਲਹਿਰ ਸੀ। ਮੁੱਖ ਗੁਰੂ ਨਾਨਕ ਦਾ ਹੈ, ਸਿਖਰ ਗੁਰੂ ਗੋਬਿੰਦ ਸਿੰਘ ਜੀ ਦਾ। ਸਿੱਖ, ਬ੍ਰਹਮ ਵਿੱਦਿਆ ਅਨੁਸਾਰ ਦੋਵਾਂ ਗੁਰੂਆਂ ਦਾ ਇਕੋ ਰੂਪ ਹੈ।'
ਇਸ ਸਬੰਧ ਵਿਚ 'ਸ੍ਰੀ ਗੁਰ ਪੰਥ ਪ੍ਰਕਾਸ਼' ਦੇ ਕਰਤਾ ਭਾਈ ਰਤਨ ਸਿੰਘ ਭੰਗੂ ਦਾ ਬਿਆਨ ਬਹੁਤ ਰੌਚਕ ਹੈ। ਲਿਖਦੇ ਹਨ-ਦਸਮ ਪਾਤਸ਼ਾਹ ਨੇ ਸੋਚਿਆ ਕਿ ਮੁਗਲਾਂ ਦਾ ਜ਼ੁਲਮੀ ਰਾਜ ਖਤਮ ਕਰਕੇ ਅਤੇ ਪਹਾੜੀ ਰਾਜਿਆਂ ਦੇ ਹੱਥੀਂ ਤੇਗਾਂ ਪਕੜਾ ਕੇ ਪਾਤਸ਼ਾਹੀ ਇਨ੍ਹਾਂ ਨੂੰ ਬਖਸ਼ ਦਿੰਦੇ ਹਾਂ।
ਭਾਈ ਰਤਨ ਸਿੰਘ ਭੰਗੂ ਦਾ ਇਕ ਕਥਨ ਬਹੁਤ ਪ੍ਰਸਿੱਧ ਹੈ-
ਇਨ ਗਰੀਬ ਸਿੰਘਨ ਕੌ ਦਯੈ ਪਤਿਸ਼ਾਹੀ।
ਏ ਯਾਦ ਰਖੈਂ ਹਮਰੀ ਗੁਰਿਆਈ।
ਭਾਈ ਕੋਇਰ ਸਿੰਘ ਨੇ 'ਗੁਰ ਬਿਲਾਸ ਪਾਤਸ਼ਾਹੀ ਦਸਵੀਂ' ਵਿਚ ਬ੍ਰਾਹਮਣਾਂ ਅਤੇ ਪਹਾੜੀ ਰਾਜਿਆਂ ਦੇ ਵਿਰੋਧ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਉਨ੍ਹਾਂ ਦਾ ਵੱਡਾ ਇਤਰਾਜ਼ ਇਹੀ ਸੀ ਕਿ ਛੋਟੇ-ਵੱਡੇ ਚਾਰ ਵਰਨਾਂ ਨੂੰ ਇਕ-ਸਮਾਨ ਕਿਉਂ ਕੀਤਾ ਹੈ? ਤੁਸੀਂ ਸਾਨੂੰ ਜੱਟਾਂ-ਬੂਟਾਂ ਤੇ ਨਾਈਆਂ ਝੀਰਾਂ ਨਾਲ ਮਿਲ ਬੈਠਣ ਲਈ ਕਹਿੰਦੇ ਹੋ। ਕੰਮੀ-ਕਮੀਣਾਂ ਨਾਲ ਮਿਲ ਕੇ ਸਾਡਾ ਇਹ-ਲੋਕ ਤੇ ਪਰਲੋਕ ਭ੍ਰਿਸ਼ਟ ਹੋ ਜਾਂਦੇ ਹਨ-
ਹੋ ਰਜਪੂਤ ਕਰੈਂ ਜਟ ਸੋ ਮਿਲ ਭੋਜਨ
ਔਰ ਸੁ ਨਾਈ ਕੇ ਸੰਗ ਮਿਲਾਹੀ।
ਧ੍ਰਿੱਗ ਭਨੇ ਹਮ ਕੋ ਇਸ ਲੋਕ ਮੈ
ਓਕ ਮੈ ਥਾਉਂ ਕਬੀ ਨਹਿ ਪਾਹੀ। (ਅਧਿ: ਨੌਵਾਂ)
ਦਸਮ ਪਾਤਸ਼ਾਹ ਨੇ ਕਿਹਾ ਕਿ ਮੈਂ ਤਾਂ ਜ਼ੁਲਮੀ ਰਾਜ ਦੀ ਜੜ੍ਹ ਪੁੱਟਣ ਲਈ ਸਮੂਹ ਭਾਰਤੀ ਸਮਾਜ ਨੂੰ ਸੰਗਠਿਤ ਕਰਨਾ ਚਾਹੁੰਦਾ ਹਾਂ। ਜੇ ਤੁਸੀਂ ਜਾਤ-ਅਭਿਮਾਨ ਨਹੀਂ ਤਿਆਗ ਸਕਦੇ ਤਾਂ ਜਾਓ, ਤੁਰਕਾਂ ਦੀਆਂ ਜੁੱਤੀਆਂ 'ਤੇ ਸਿਰ ਰਗੜਦੇ ਰਹੋ ਤੇ ਦੁੱਖ ਪਾਉਂਦੇ ਰਹੋ-
ਜਾਉ ਰੇ, ਸੀਸ ਨਿਵਾਉ ਰੇ ਤੁਰਕਨ
ਤੋ ਅਬ ਕਰਮ ਕਰੈ ਦੁਖ ਪਾਹੀ।
ਮੈਂ ਖੜਗ ਧਾਰੀ ਗੁਰੂ ਤਾਂ ਹੀ ਕਹਾਵਾਂਗਾ ਜੇ ਚਿੜੀਆਂ ਤੋਂ ਬਾਜ਼ ਤੁੜਾਵਾਂਗਾ ਅਤੇ ਸਹਿਆਂ ਨੂੰ ਸ਼ੇਰ ਬਣਾਵਾਂਗਾ-
ਮੈਂ ਅਸਿਪਾਨਿਜ ਤਬ ਲਖੌ, ਕਰੋਂ ਐਸ ਯੌ ਕਾਮ।
ਚਿੜੀਅਨ ਬਾਜ ਤੁਰਾਯੇ ਹੌਂ, ਸੱਸੇ ਕਰੋਂ ਸਿੰਘ ਸਾਮ।
ਇਸੇ ਲਈ ਕਵੀ ਸੈਨਾਪਤਿ 'ਸ੍ਰੀ ਗੁਰ ਸੋਭਾ' ਵਿਚ ਲਿਖਦਾ ਹੈ-
ਅਸੁਰ ਸੰਘਾਰਬੇ ਕੋ, ਦੁਰਜਨ ਕੇ ਮਾਰਬੇ ਕੋ
ਸੰਕਟ ਨਿਵਾਰਬੇ ਕੋ ਖਾਲਸਾ ਬਨਾਯੋ ਹੈ।
(ਅਧਿ: ਪੰਜਵਾਂ)
ਜਦੋਂ ਕੋਈ ਸਿੱਖ ਅੰਮ੍ਰਿਤ ਛਕ ਲੈਂਦਾ ਹੈ ਤਾਂ ਉਸ ਦੇ ਸਾਰੇ ਪੁਰਾਣੇ ਕਰਮ ਨਾਸ ਹੋ ਜਾਂਦੇ ਹਨ-
ਧਰਮ ਨਾਸ, ਕੁਲ ਨਾਸ, ਕਰਮ ਨਾਸ, ਭਰਮ ਨਾਸ ਤੇ ਸ੍ਰਮ ਨਾਸ;
ਅਤੇ ਉਹ ਗੁਰੂ-ਸਰੂਪ ਖਾਲਸਾ ਬਣ ਜਾਂਦਾ ਹੈ।
ਅਹਿਮਦ ਸ਼ਾਹ ਬਟਾਲੀਆ ਅਤੇ ਬੂਟੇ ਸ਼ਾਹ ਨੇ ਕ੍ਰਮਵਾਰ ਆਪਣੀਆਂ ਪੁਸਤਕਾਂ 'ਤਵਾਰੀਖੇ-ਹਿੰਦ' ਅਤੇ 'ਤਵਾਰੀਖੇ ਪੰਜਾਬ' ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਭਾਸ਼ਨ ਦਾ ਸਾਰ ਵੀ ਲਿਖਿਆ ਹੈ, ਜੋ ਗੁਰੂ ਜੀ ਨੇ 1699 ਦੀ ਵਿਸਾਖੀ ਨੂੰ ਭਰੇ ਦੀਵਾਨ ਵਿਚ ਦਿੱਤਾ ਸੀ। ਗੁਰੂ ਜੀ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ, 'ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਕ ਰਾਹ 'ਤੇ ਚੱਲੋ ਅਤੇ ਇਕ ਧਰਮ ਅਪਣਾਓ। ਵੱਖ-ਵੱਖ ਜਾਤਾਂ ਦੇ ਵਿਖੇਵੇਂ ਮਿਟਾ ਦਿਓ। ਹਿੰਦੂਆਂ ਦੀਆਂ ਚਾਰ ਜਾਤਾਂ, ਜਿਨ੍ਹਾਂ ਦਾ ਵਰਨਣ ਸ਼ਾਸਤਰਾਂ ਵਿਚ ਆਇਆ ਹੈ, ਮੁੱਢ ਤੋਂ ਮੁਕਾ ਦਿਓ ਅਤੇ ਇਕ-ਦੂਜੇ ਨਾਲੋਂ ਆਪਣੇ-ਆਪ ਨੂੰ ਵੱਡਾ ਨਾ ਸਮਝੋ। ਪੁਰਾਣੇ ਧਾਰਮਿਕ ਗ੍ਰੰਥਾਂ ਉੱਤੇ ਵਿਸ਼ਵਾਸ ਨਾ ਰੱਖੋ। ਕੋਈ ਵੀ ਗੰਗਾ ਆਦਿ ਵੱਲ ਧਿਆਨ ਨਾ ਦੇਵੇ। ਧਾਰਮਿਕ ਅਸਥਾਨਾਂ ਉੱਤੇ ਯਾਤਰਾ ਕਰਨਾ ਵਿਅਰਥ ਹੈ।... ਸਿਰਫ਼ ਗੁਰੂ ਨਾਨਕ ਤੇ ਬਾਕੀ ਗੁਰੂਆਂ ਉੱਤੇ ਵਿਸ਼ਵਾਸ ਲਿਆਓ। ਸਾਰੀਆਂ ਜਾਤਾਂ ਇਕ ਬਾਟੇ ਵਿਚੋਂ ਅੰਮ੍ਰਿਤ ਛਕ ਕੇ ਇਕ-ਦੂਜੇ ਲਈ ਪਿਆਰ ਪੈਦਾ ਕਰਕੇ ਨਫ਼ਰਤ ਨੂੰ ਦੂਰ ਕਰੋ।'
ਗੁਰ ਬਿਲਾਸ ਵਿਚ ਭਾਈ ਕੋਇਰ ਸਿੰਘ ਨੇ ਦਸਮ ਪਾਤਸ਼ਾਹ ਦਾ ਇਕ ਵਿਚਾਰ ਦਰਜ ਕੀਤਾ ਹੈ : ਜੇ ਬਾਜ ਚਿੜੀ ਨੂੰ ਮਾਰੇ ਤਾਂ ਇਹ ਕੋਈ ਵਡਿਆਈ ਜਾਂ ਪ੍ਰਭਤਾ ਦੀ ਗੱਲ ਨਹੀਂ ਹੈ। ਵਡਿਆਈ ਇਸ ਗੱਲ ਵਿਚ ਹੈ ਕਿ ਚਿੜੀਆਂ ਬਾਜ਼ਾਂ ਨੂੰ ਮਾਰਨ-
ਬਾਜ ਚਿੜੀ ਕਹੁ ਮਾਰ ਹੈ ਏ ਪ੍ਰਭਤਾ ਕਛੁ ਨਾਹ।
ਤਾਤੇ ਕਾਲ ਕੀਓ ਇਹੋ ਬਾਜ ਹਨੈ ਚਿੜੀਆਹ।
(ਅਧਿ: ਨੌਵਾਂ)
ਗੁਰੂ ਗੋਬਿੰਦ ਸਿੰਘ ਜੀ ਦੀ ਯੁੱਗ-ਪਰਿਵਰਤਨ ਦੀ ਲਲਕਾਰ ਇਨ੍ਹਾਂ ਪੰਗਤੀਆਂ ਵਿਚ ਸਮੋਈ ਹੋਈ ਹੈ-
ਚਿੜੀਆਂ ਤੋਂ ਮੈਂ ਬਾਜ ਤੁੜਾਊਂ।
ਗਿਦੜਾਂ ਤੋਂ ਮੈਂ ਸ਼ੇਰ ਬਣਾਊਂ।
ਸਵਾ ਲਾਖ ਸੇ ਏਕ ਲੜਾਊਂ।
ਤਬੈ ਗੋਬਿੰਦ ਸਿੰਘ ਨਾਮ ਕਹਾਊਂ।
ਦਸਮ ਪਾਤਸ਼ਾਹ ਨੇ ਜੋ ਕਿਹਾ ਸੋ ਕਰ ਵਿਖਾਇਆ। ਚਮਕੌਰ ਦੀ ਜੰਗ ਵਿਚ ਗੁਰੂ ਜੀ ਦੇ 40 ਸਿੱਖਾਂ ਨੇ ਮੁਗਲਾਂ-ਪਹਾੜੀਆਂ ਦੀ ਅਣਗਿਣਤ ਫੌਜ ਦਾ ਡਟ ਕੇ ਮੁਕਾਬਲਾ ਕੀਤਾ। ਮੁਕਤਸਰ ਦੀ ਜੰਗ ਵਿਚ 40 ਮਝੈਲ ਸਿੱਖਾਂ ਸਮੇਤ ਗੁਰੂ ਜੀ ਦੀ ਦੋ-ਢਾਈ ਹਜ਼ਾਰ ਫੌਜ ਨੇ ਵਜ਼ੀਰ ਖਾਨ ਦੀ 20,000 ਫੌਜ ਨੂੰ ਬੁਰੀ ਤਰ੍ਹਾਂ ਹਰਾਇਆ।
ਇਕ ਵਾਰ ਕੁਝ ਸੈਨਿਕ ਸਿੱਖਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ, 'ਸੱਚੇ ਪਾਤਸ਼ਾਹ ਜੀਓ, ਜਦੋਂ ਮੁਗਲ ਕਿਤੇ ਹਮਲਾ ਕਰਦੇ ਹਨ ਤਾਂ ਇਸਤਰੀਆਂ ਨੂੰ ਫੜ ਕੇ ਲੈ ਜਾਂਦੇ ਹਨ। ਸਾਨੂੰ ਵੀ ਆਗਿਆ ਦਿਓ ਕਿ ਅਸੀਂ ਵੀ ਵੈਰੀਆਂ ਦੀਆਂ ਔਰਤਾਂ ਨੂੰ ਚੁੱਕ ਲਿਆਇਆ ਕਰੀਏ।' ਸੂਰਜ ਪ੍ਰਕਾਸ਼ ਵਿਚ ਗੁਰੂ ਜੀ ਦਾ ਉੱਤਰ ਇੰਜ ਲਿਖਿਆ ਹੈ : 'ਨਹੀਂ ਸਿੰਘੋ, ਅਸੀਂ ਪੰਥ ਦਾ ਚਰਿੱਤਰ ਉੱਚਾ ਤੇ ਸੁੱਚਾ ਰੱਖਣਾ ਹੈ। ਇਸ ਤਰ੍ਹਾਂ ਦੀ ਦੁਰਗਤ ਵਿਚ ਗਰਕ ਨਹੀਂ ਕਰਨਾ।'
ਸੁਨ ਸਤਿਗੁਰ ਬੋਲੇ ਤਿਸ ਬੇਰੇ।
ਹਮ ਲੇ ਜਾਨੋ ਪੰਥ ਉਚੇਰੇ।
ਨਹੀਂ ਅਧਗਤਿ ਬਿਖੈ ਪੁਚਾਵੈਂ।
ਯਾਂ ਤੇ ਕਲ ਮਲ ਕਰਨ ਹਟਾਵੈਂ।
ਦਸਮ ਪਾਤਸ਼ਾਹ ਦੇ ਉਦੇਸ਼, ਆਦਰਸ਼ ਅਤੇ ਉਪਦੇਸ਼ ਲਾਸਾਨੀ ਹਨ। ਪਰ ਦੁੱਖ ਦੀ ਗੱਲ ਹੈ ਕਿ ਅਜੋਕਾ ਖਾਲਸਾ ਸਭ ਕੁਝ ਜਾਣਦਾ ਹੋਇਆ ਵੀ ਗੁਰੂ-ਮਾਰਗ ਤੋਂ ਭਟਕ ਗਿਆ ਹੈ। ਗੁਰੂ ਜੀ ਨੇ ਕੁੜੀਮਾਰ ਤੇ ਨੜੀਮਾਰ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ ਸੀ। ਅੱਜ ਭਰੂਣ-ਹੱਤਿਆ ਸਭ ਤੋਂ ਵੱਧ ਸਿੱਖਾਂ ਵਿਚ ਹੀ ਹੋ ਰਹੀ ਹੈ। ਪਤਿਤਪੁਣੇ ਦੀ ਲਹਿਰ ਨੇ ਸਿੱਖ ਨੌਜਵਾਨਾਂ ਨੂੰ ਬੇਪਛਾਣ ਤੇ ਬੇਸ਼ਕਲ ਬਣਾ ਦਿੱਤਾ ਹੈ। ਸਾਡਾ ਧਰਮ ਅਤੇ ਰਾਜਨੀਤੀ ਅੱਧੋਗਤੀ ਵਿਚ ਹਨ। ਗੁਰੂ ਜੀ ਨੇ ਸਿੱਖੀ ਨੂੰ ਸੁਰਜੀਤ ਰੱਖਣ ਲਈ ਆਪਣਾ ਘਰ-ਘਾਟ ਤੇ ਪਰਿਵਾਰ ਵਾਰ ਦਿੱਤਾ। ਪਰ ਅੱਜ ਸਿੱਖ-ਪੰਥ ਬੇਪੰਥ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੁੱਲ ਗਿਆ ਹੈ। ਕੇਵਲ ਨਾਮ ਯਾਦ ਰੱਖਣਾ ਹੀ ਸਿੱਖੀ ਨਹੀਂ ਹੈ, ਗੁਰੂ ਦੇ ਆਦੇਸ਼ਾਂ, ਉਦੇਸ਼ਾਂ ਤੇ ਉਪਦੇਸ਼ਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ।

No comments:

Post a Comment