HostGator Web Hosting

Sunday 1 May 2016

ਧਰਮ ਦੇ ਨਾਂਅ 'ਤੇ ਵਧ ਰਿਹੈ ਅੰਧਵਿਸ਼ਵਾਸ ਦਾ ਕਾਰੋਬਾਰ --ਗੁਰਚਰਨ ਸਿੰਘ ਨੂਰਪੁਰ


ਧਰਮ ਦੇ ਨਾਂਅ 'ਤੇ ਵਧ ਰਿਹੈ ਅੰਧਵਿਸ਼ਵਾਸ ਦਾ ਕਾਰੋਬਾਰ
--ਗੁਰਚਰਨ ਸਿੰਘ ਨੂਰਪੁਰ
ਅਸੀਂ ਭਾਵੇਂ ਅੱਜ ਦੇ ਯੁੱਗ ਨੂੰ ਕੰਪਿਊਟਰ ਦਾ ਯੁੱਗ ਜਾਂ ਸਾਇੰਸ ਦਾ ਯੁੱਗ ਕਹੀਏ, ਪਰ ਹਕੀਕਤ ਇਹ ਹੈ ਕਿ ਅੱਜ ਵੀ ਦੁਨੀਆ ਦੀ ਬਹੁਗਿਣਤੀ ਅੰਧਵਿਸ਼ਵਾਸ ਦੀ ਦਲਦਲ ਵਿਚ ਬੜੀ ਬੁਰੀ ਤਰ੍ਹਾਂ ਫਸੀ ਹੋਈ ਹੈ। ਬਹੁਗਿਣਤੀ ਲੋਕ ਅੱਜ ਵੀ ਇਹ ਸਮਝਦੇ ਹਨ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ ਕਿਸੇ ਸਾਧ, ਸੰਤ, ਬਾਬੇ ਦੀ ਕਰਾਮਾਤ ਨਾਲ ਹੱਲ ਹੋ ਸਕਦੀਆਂ ਹਨ। ਵੱਖ-ਵੱਖ ਮੁਸੀਬਤਾਂ ਵਿਚ ਘਿਰੇ ਲੋਕਾਂ ਦਾ ਅਟੁੱਟ ਵਿਸ਼ਵਾਸ ਹੈ ਕਿ ਯੱਗ ਹਵਨ, ਪਾਠ ਪੂਜਾ ਅਤੇ ਤੀਰਥ ਯਾਤਰਾਵਾਂ ਨਾਲ ਘਰਾਂ ਦੇ ਧੋਣੇ ਧੋਤੇ ਜਾ ਸਕਦੇ ਹਨ। ਲੋਕਾਂ ਦੀ ਇਸ ਅੰਧਵਿਸ਼ਵਾਸੀ ਮਨੋਬਿਰਤੀ ਨੇ ਅੱਜ ਕੁਝ ਲੋਕਾਂ ਨੂੰ ਵੱਡੇ ਕਾਰੋਬਾਰ ਦਿੱਤੇ ਹੋਏ ਹਨ। ਅਵਾਮ ਦੀ ਇਸ ਮਨੋਬਿਰਤੀ ਨੇ ਮਾਮੂਲੀ ਕਾਰੋਬਾਰ ਕਰਦੇ ਬਾਪੂ ਆਸਾਰਾਮ ਅਤੇ ਸੰਤ ਰਾਮਪਾਲ ਵਰਗੇ ਲੋਕਾਂ ਨੂੰ ਆਪਣੇ ਕਾਰੋਬਾਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਦੇ ਮੌਕੇ ਪ੍ਰਦਾਨ ਕੀਤੇ ਹਨ। ਉਂਜ ਤਾਂ ਧਰਮ ਅਤੇ ਰਾਜਨੀਤੀ ਸਦੀਆਂ ਤੋਂ ਇਕ-ਦੂਜੇ ਦੇ ਪੂਰਕ ਰਹੇ ਹਨ ਪਰ ਪਿਛਲੇ ਕੁਝ ਅਰਸੇ ਤੋਂ ਸਾਧਾਂ-ਸੰਤਾਂ ਦੇ ਡੇਰਿਆਂ 'ਤੇ ਜੁੜੀਆਂ ਭੀੜਾਂ ਨੂੰ ਵੋਟਾਂ ਦੇ ਰੂਪ ਵਿਚ ਵੀ ਵੇਖਿਆ ਜਾਣ ਲੱਗਾ ਹੈ। ਅੰਨ੍ਹੀ ਸ਼ਰਧਾ ਤਹਿਤ ਇਕੱਤਰ ਹੁੰਦੀਆਂ ਭੀੜਾਂ ਦਾ ਵੋਟਾਂ ਦੇ ਰੂਪ ਵਿਚ ਸੌਦਾ ਕਰਨਾ ਹੁਣ ਆਮ ਗੱਲ ਹੋ ਗਈ ਹੈ। 
ਸਾਡੇ ਮੁਲਕ ਵਿਚ ਲੋਕਾਂ ਦੀ ਸ਼ਰਧਾ ਤੋਂ ਕੀਤਾ ਜਾਣ ਵਾਲਾ ਕਾਰੋਬਾਰ ਬੜੀ ਤੇਜ਼ੀ ਨਾਲ ਫਲ-ਫੁਲ ਰਿਹਾ ਹੈ। ਬਹੁਤ ਸਾਰੇ ਉਹ ਲੋਕ, ਜੋ ਹਕੀਕਤ ਵਿਚ ਵਪਾਰੀ ਕਿਸਮ ਦੇ ਲੋਕ ਹਨ, ਨੇ ਭਗਵੇਂ ਚੋਲਿਆਂ ਦੀ ਆੜ ਵਿਚ ਸਾਧ-ਸੰਤ ਬਣ ਕੇ ਲੋਕਾਂ ਤੋਂ ਮੋਟੀਆਂ ਕਮਾਈਆਂ ਬਟੋਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਧ-ਸੰਤ ਦੇਸ਼ ਵਿਚ ਅਨੇਕਾਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮਾਲਕ ਬਣ ਰਹੇ ਹਨ। ਹੁਣ ਗੱਲ ਇਸ ਤੋਂ ਵੀ ਅਗਾਂਹ ਚਲੀ ਗਈ ਹੈ। ਵੱਖ-ਵੱਖ ਧਾਰਮਿਕ ਅਖਵਾਉਣ ਵਾਲੀਆਂ ਸੰਸਥਾਵਾਂ ਨੇ ਆਪਣੀਆਂ-ਆਪਣੀਆਂ ਕੰਪਨੀਆਂ ਦੇ ਪ੍ਰੋਡਕਟ ਤਿਆਰ ਕਰਕੇ ਬਾਜ਼ਾਰ ਵਿਚ ਉਤਾਰ ਦਿੱਤੇ ਹਨ। ਇਹ ਬਾਜ਼ਾਰ ਘਿਓ, ਚੌਲ, ਤੇਲ, ਸਾਬਣ ਆਦਿ ਘਰੇਲੂ ਵਰਤੋਂ ਦੀਆਂ ਵਸਤਾਂ ਤੱਕ ਹੀ ਸੀਮਤ ਨਹੀਂ ਬਲਕਿ ਔਰਤਾਂ ਦੀ ਖੂਬਸੂਰਤੀ ਲਈ ਵਰਤੀਆਂ ਜਾਂਦੀਆਂ ਕਰੀਮਾਂ, ਪਾਊਡਰ, ਸ਼ੈਂਪੂ ਅਤੇ ਸੁੰਦਰਤਾ ਦੇ ਹੋਰ ਨੁਸਖੇ ਵੀ ਇਨ੍ਹਾਂ ਵਿਚ ਸ਼ਾਮਿਲ ਹਨ। ਸਾਡੇ ਮੁਲਕ ਦੇ ਧਾਰਮਿਕ ਰਹਿਨੁਮਾਵਾਂ ਨੇ ਹੁਣ ਸ਼ਾਇਦ ਬਾਜ਼ਾਰ ਦੀ ਤਾਕਤ ਨੂੰ ਸਮਝ ਲਿਆ ਹੈ ਅਤੇ ਉਹ ਹਰ ਤਰ੍ਹਾਂ ਨਾਲ ਆਪਣੇ ਕਾਰੋਬਾਰ ਨੂੰ ਵਿਸਥਾਰ ਦੇਣ ਦੀਆਂ ਕੋਸ਼ਿਸ਼ਾਂ ਵਿਚ ਹਨ। ਆਪਣੀਆਂ ਕੰਪਨੀਆਂ ਦੇ ਬਣਾਏ ਮਾਲ ਦੀ ਵਿਕਰੀ ਵਧਾਉਣ ਲਈ ਹਰ ਰੋਜ਼ ਲੱਖਾਂ ਰੁਪਏ ਵੱਖ-ਵੱਖ ਉਤਪਾਦਾਂ ਦੀਆਂ ਮਸ਼ਹੂਰੀਆਂ 'ਤੇ ਖਰਚੇ ਜਾ ਰਹੇ ਹਨ।
ਪਿਛਲੇ ਦਿਨੀ ਸ੍ਰੀ ਸ੍ਰੀ ਰਵੀਸ਼ੰਕਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਯਮੁਨਾ ਕੰਢੇ ਕੀਤਾ ਪ੍ਰੋਗਰਾਮ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਪ੍ਰੋਗਰਾਮ ਸਬੰਧੀ ਪ੍ਰਦੂਸ਼ਣ ਵਿਭਾਗ ਨੇ ਕਈ ਰੋਕਾਂ ਵੀ ਖੜ੍ਹੀਆਂ ਕੀਤੀਆਂ ਅਤੇ ਜੁਰਮਾਨਾ ਕਰਨ ਦਾ ਫੁਰਮਾਨ ਵੀ ਸੁਣਾਇਆ ਸੀ ਪਰ ਕਿਸੇ ਦੀ ਪ੍ਰਵਾਹ ਕੀਤੇ ਬਗੈਰ ਪ੍ਰੋਗਰਾਮ ਸਿਰੇ ਚੜ੍ਹਿਆ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਕਈ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋਈਆਂ। ਕਈ ਪੰਛੀਆਂ ਦੀਆਂ ਜਾਤੀਆਂ ਪ੍ਰਭਾਵਿਤ ਹੋਈਆਂ ਅਤੇ ਅਨੇਕਾਂ ਹੀ ਤਰ੍ਹਾਂ ਦੀ ਬਨਸਪਤੀ ਅਤੇ ਪੇੜ ਪੌਦੇ ਇਸ ਪ੍ਰੋਗਰਾਮ ਨਾਲ ਹਾਨੀ-ਗ੍ਰਸਤ ਹੋਏ। ਅੱਜ ਸੂਚਨਾ ਅਤੇ ਤਕਨੀਕ ਦਾ ਯੁੱਗ ਹੈ। ਅਸੀਂ ਆਪਣੇ ਵਿਚਾਰਾਂ ਨਾਲ ਕੁਝ ਲੋਕਾਂ ਨੂੰ ਜੇਕਰ ਪ੍ਰਭਾਵਿਤ ਕਰਨਾ ਚਾਹੁੰਦੇ ਹਾਂ ਤਾਂ ਇਸ ਲਈ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕਰਕੇ ਅਸੀਂ ਘੱਟ ਪੈਸਿਆਂ ਨਾਲ ਲੱਖਾਂ ਲੋਕਾਂ ਤੱਕ ਪਹੁੰਚ ਕਰ ਸਕਦੇ ਹਾਂ। ਪਰ ਅਜਿਹੇ ਪ੍ਰੋਗਰਾਮ, ਜਿਨ੍ਹਾਂ ਕਰਕੇ ਵਾਤਾਵਰਨ ਦੀ ਬਰਬਾਦੀ ਹੋਵੇ, ਲੱਖਾਂ ਲੋਕਾਂ ਦੀ ਊਰਜਾ ਅਤੇ ਧਨ ਦੀ ਬਰਬਾਦੀ ਹੋਵੇ, ਕਰਕੇ ਅਸੀਂ ਲੋਕ ਕਿਹੜਾ ਲੋਕ ਭਲਾਈ ਦਾ ਕੰਮ ਕਰ ਰਹੇ ਹਾਂ? ਅਜਿਹੇ ਸਮੇਂ ਜਦੋਂ ਇਕੋ ਜਗ੍ਹਾ ਲੱਖਾਂ ਲੋਕ ਇਕੱਠੇ ਹੁੰਦੇ ਹਨ ਨਾਲ ਕੋਈ ਵੱਡਾ ਹਾਦਸਾ ਵਾਪਰਨ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ।
ਅਜੋਕੀਆਂ ਧਾਰਮਿਕ ਸੰਸਥਾਵਾਂ ਜੋ ਆਮ ਮਨੁੱਖ ਦੀ ਭਲਾਈ ਦੀ ਗੱਲ ਕਰਨ ਦਾ ਦਾਅਵਾ ਕਰਦੀਆਂ ਹਨ ਦੁਆਰਾ ਆਮ ਮਨੁੱਖ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਰੱਬ ਕੁਦਰਤ ਦੇ ਜ਼ਰ੍ਹੇ-ਜ਼ਰ੍ਹੇ ਵਿਚ ਹੈ। ਪਰ ਜਦੋਂ ਵੱਡੇ-ਵੱਡੇ ਅਡੰਬਰ ਰਚਾ ਕੇ ਆਲੇ ਦੁਆਲੇ ਨੂੰ ਪਲੀਤ ਕੀਤਾ ਜਾਂਦਾ ਹੈ ਉਦੋਂ ਕੁਦਰਤ ਦਾ ਪਿਆਰ ਕਿਉਂ ਵਿਸਰ ਜਾਂਦਾ ਹੈ? ਪਹਾੜਾਂ ਦੇ ਕੁਦਰਤੀ ਨਜ਼ਾਰਿਆਂ ਨੂੰ ਖ਼ਤਮ ਕਰਕੇ ਵੱਡੇ-ਵੱਡੇ ਧਾਮ ਉਸਾਰੇ ਜਾ ਰਹੇ ਹਨ। ਨਦੀਆਂ ਦਰਿਆਵਾਂ ਦੇ ਕੰਢਿਆਂ 'ਤੇ ਆਸ਼ਰਮ ਬਣ ਰਹੇ ਹਨ। ਅੱਜ ਦੇਸ਼ ਵਿਚ ਵੱਡੇ-ਵੱਡੇ ਧਾਰਮਿਕ ਰਹਿਬਰਾਂ ਦਾ ਜੋ ਵਿਹਾਰ ਵੇਖ ਰਹੇ ਹਾਂ ਉਸ ਵਿਚ ਉਹ ਆਪਣੇ ਸੇਵਕਾਂ ਨੂੰ ਸਿੱਖਿਆ ਤਾਂ ਸਾਦਾ ਰਹਿਣ ਦੀ ਦਿੰਦੇ ਹਨ, ਪਰ ਉਨ੍ਹਾਂ ਦੇ ਵਿਹਾਰ ਵਿਚ 'ਵੀ.ਆਈ.ਪੀ. ਕਲਚਰ' ਆ ਗਿਆ ਹੈ। ਅਜਿਹਾ ਸ਼ਾਇਦ ਇਸ ਲਈ ਹੈ ਕਿ ਸੰਗਤਾਂ ਦੀ ਸ਼ਰਧਾ ਵਿਚ ਕੋਈ ਤਬਦੀਲੀ ਨਹੀਂ ਆਈ ਪਰ ਸਾਧਾਂ-ਬਾਬਿਆਂ ਦਾ ਰਹਿਣ-ਸਹਿਣ ਉੱਕਾ ਹੀ ਤਬਦੀਲ ਹੋ ਗਿਆ ਹੈ। ਉਹ ਵੱਡੇ ਵਪਾਰੀ ਅਤੇ ਕਾਰੋਬਾਰੀ ਬਣ ਗਏ ਹਨ। ਧਰਮ-ਕਰਮ ਦੀਆਂ ਸਰਗਰਮੀਆਂ ਲਈ ਵੱਡੀ ਪੱਧਰ 'ਤੇ ਜ਼ਮੀਨਾਂ ਲੈ ਕੇ ਡੇਰੇ-ਮੱਠ ਬਣਾਏ ਜਾ ਰਹੇ ਹਨ। ਸਰਕਾਰਾਂ ਸਾਧ ਬਾਬਿਆਂ ਨੂੰ ਸਸਤੀਆਂ ਜ਼ਮੀਨਾਂ ਅਲਾਟ ਕਰਨ ਲਈ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਣ ਲੱਗੀਆਂ ਹਨ। ਸਾਧ-ਸੰਤ ਆਪਣੀਆਂ ਕੰਪਨੀਆਂ ਦੀ ਸਥਾਪਤੀ ਲਈ ਅਤੇ ਆਪਣੇ ਪ੍ਰੋਡਕਟ ਵੇਚਣ ਲਈ ਮੀਡੀਆ ਦਾ ਸਹਾਰਾ ਲੈ ਰਹੇ ਹਨ। ਬੜੀ ਅਜੀਬ ਸਥਿਤੀ ਹੈ ਜਿਹੜੀਆਂ ਧਿਰਾਂ ਨੇ ਮਨੁੱਖ ਨੂੰ ਮੋਹ ਮਾਇਆ ਅਤੇ ਬਾਜ਼ਾਰੂ ਤਾਕਤਾਂ ਦੇ ਤਿਲਸਮੀ ਸੰਸਾਰ ਤੋਂ ਬਾਹਰ ਕੱਢਣਾ ਸੀ, ਮਨੁੱਖ ਨੂੰ ਇਸ ਸਭ ਕੁਝ ਤੋਂ ਸੁਚੇਤ ਕਰਨਾ ਸੀ ਉਹ ਧਿਰਾਂ ਹੁਣ ਮਨੁੱਖ ਨੂੰ ਬਾਜ਼ਾਰ ਦੇ ਰਾਹ ਤੋਰਨ ਲਈ ਬੇਤਾਬ ਹਨ। ਉਹ ਧਿਰਾਂ ਜੋ ਮੋਹ ਮਾਇਆ ਤੋਂ ਮਨੁੱਖ ਨੂੰ ਨਿਰਲੇਪ ਰਹਿਣ ਦੀ ਗੱਲ ਕਹਿੰਦੀਆਂ ਆਈਆਂ ਹਨ ਜਦੋਂ ਉਨ੍ਹਾਂ ਵਿਚ ਇਕ ਦੂਜੇ ਨਾਲੋਂ ਵਧ ਕੇ ਮਾਇਆ ਕਮਾਉਣ ਦੀ ਹੋੜ ਲੱਗ ਗਈ ਹੈ ਤਾਂ ਇਨ੍ਹਾਂ ਦੇ ਸ਼ਰਧਾਲੂ ਲੋਕਾਂ ਵਿਚ ਕਿਸ ਤਰ੍ਹਾਂ ਦੀਆਂ ਮਾਨਸਿਕ ਪ੍ਰਵਿਰਤੀਆਂ ਪੈਦਾ ਹੋਣਗੀਆਂ? ਕਾਰਪੋਰੇਟ ਕੰਪਨੀਆਂ ਹੋਣ ਜਾਂ ਕੋਈ ਧਾਰਮਿਕ ਰਹਿਨੁਮਾ ਹੋਣ ਸਭ ਨੂੰ ਕਾਰੋਬਾਰ ਕਰਨ ਲਈ ਪ੍ਰਸ਼ਾਸਨ ਦੇ ਨਾਲ-ਨਾਲ ਸੱਤਾਧਾਰੀ ਧਿਰ ਦੀ ਲੋੜ ਰਹਿੰਦੀ ਹੈ। ਇਸ ਗਠਜੋੜ ਨੂੰ ਅੱਜ ਸਪੱਸ਼ਟ ਵੇਖਿਆ ਜਾ ਸਕਦਾ ਹੈ। ਉਂਜ ਤਾਂ ਦਹਾਕਿਆਂ ਤੋਂ ਧਰਿੰਦਰ ਬ੍ਰਹਮਚਾਰੀ, ਚੰਦਰਾ ਸੁਆਮੀ ਅਤੇ ਸਤਿਆ ਸਾਈਂ ਬਾਬੇ ਵਰਗਿਆਂ ਦੀਆਂ ਸੱਤਾਧਾਰੀਆਂ ਨਾਲ ਭਿਆਲੀਆਂ ਰਹੀਆਂ ਹਨ ਪਰ ਅੱਜ ਜਿਸ ਢੰਗ ਨਾਲ ਵੱਖ-ਵੱਖ ਧਰਮ ਗੁਰੂਆਂ ਨੂੰ ਆਪਣੇ ਕਾਰੋਬਾਰਾਂ ਦਾ ਵਿਸਥਾਰ ਕਰਨ ਲਈ ਜ਼ਮੀਨਾਂ, ਪਲਾਟ ਦਿੱਤੇ ਜਾ ਰਹੇ ਹਨ, ਉਸ ਨੇ ਉਸ ਵਰਤਾਰੇ ਨੂੰ ਬੜੀ ਤੇਜ਼ੀ ਨਾਲ ਅੱਗੇ ਵਧਾਇਆ ਹੈ ਜੋ ਹੁਣ ਤੱਕ ਮਨੁੱਖ ਦੀ ਸੋਚ ਵਿਚਾਰ ਕਰਨ ਦੀ ਸ਼ਕਤੀ ਨੂੰ ਖੁੰਡਾ ਕਰਦਾ ਆਇਆ ਹੈ ਅਤੇ ਇਹ ਇਕ ਬੇਹੱਦ ਖਤਰਨਾਕ ਵਰਤਾਰਾ ਹੈ। ਹੁਣ ਮਨੁੱਖ ਦੀ ਸ਼ਰਧਾ ਤੋਂ ਵੱਧ ਤੋਂ ਵੱਧ ਕਮਾਈ ਕਰਨ ਦੇ ਨਾਲ-ਨਾਲ ਜਦੋਂ-ਜਦੋਂ ਲੋੜ ਪਵੇ, ਉਸ ਨੂੰ ਵੋਟ ਦੇ ਰੂਪ ਵਿਚ ਵਰਤੇ ਜਾਣਾ ਆਮ ਗੱਲ ਹੋ ਗਈ ਹੈ। ਇਹ ਇਖਲਾਕੀ ਤੌਰ 'ਤੇ ਇਕ ਅਤਿ ਮਾੜਾ ਰੁਝਾਨ ਹੈ ਜੋ ਸਾਡੇ ਦੇਸ਼ ਵਿਚ ਬੜੀ ਤੇਜ਼ੀ ਨਾਲ ਪੈਦਾ ਹੋ ਰਿਹਾ ਹੈ। ਹੁਣ ਗੱਲ ਸ਼ਾਇਦ ਇਸ ਤੋਂ ਵੀ ਅਗਾਂਹ ਜਾ ਰਹੀ ਹੈ ਧਰਮ ਗੁਰੂਆਂ ਦੇ ਕਾਰੋਬਾਰਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਦੇ ਪ੍ਰੋਗਰਾਮਾਂ ਦੀ ਵਿਵਸਥਾ ਲਈ ਪੁਲਿਸ ਅਤੇ ਇੱਥੋਂ ਤੱਕ ਕਿ ਫੌਜ ਨੂੰ ਵਰਤੇ ਜਾਣ ਦਾ ਨਵਾਂ ਰੁਝਾਨ ਸ਼ੁਰੂ ਹੋ ਗਿਆ ਹੈ। ਅਸੀਂ ਵੱਖ-ਵੱਖ ਧਰਮਾਂ, ਜਾਤਾਂ, ਮਜ਼੍ਹਬਾਂ ਅਤੇ ਅਨੇਕਾਂ ਤਰਾ੍ਹਂ ਦੀਆਂ ਸੰਪਰਦਾਵਾਂ ਵਾਲੇ ਦੇਸ਼ ਵਿਚ ਰਹਿ ਰਹੇ ਹਾਂ। ਇੱਥੇ ਇਕ ਨਹੀਂ ਹਜ਼ਾਰਾਂ ਦੀ ਗਿਣਤੀ ਵਿਚ ਸਾਧ, ਸੰਤ, ਸੁਆਮੀ ਹਨ, ਜਿਨ੍ਹਾਂ ਨੇ ਆਪਣੀ-ਆਪਣੀ ਸਮਰੱਥਾ ਅਨੁਸਾਰ ਆਪਣੇ-ਆਪਣੇ ਝੰਡਿਆਂ ਹੇਠ ਵੱਧ ਤੋਂ ਵੱਧ ਸੰਗਤ ਇਕੱਠੀ ਕੀਤੀ ਹੋਈ ਹੈ। ਇਹ ਵੀ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਇਨ੍ਹਾਂ 'ਚੋਂ ਕੁਝ ਐਸੇ ਵੀ ਸਾਧ ਸੰਤ ਹਨ, ਜਿਨ੍ਹਾਂ ਦੀ ਆਪਸੀ ਮੁਕਾਬਲੇਬਾਜ਼ੀ ਵੀ ਚਲਦੀ ਹੈ। ਜਿਵੇਂ ਸ੍ਰੀ ਸ੍ਰੀ ਰਵੀਸ਼ੰਕਰ ਜੀ ਦੇ ਮੈਗਾ ਪ੍ਰੋਗਰਾਮ ਲਈ ਯਮੁਨਾ ਦਰਿਆ ਤੇ ਫ਼ੌਜ ਵੱਲੋਂ ਪੁਲ ਬਣਾ ਕੇ ਦਿੱਤਾ ਗਿਆ ਕੀ ਕੱਲ੍ਹ ਨੂੰ ਕੋਈ ਹੋਰ ਸਾਧ ਸੰਤ ਇਸ ਤਰ੍ਹਾਂ ਦੇ ਸਮਾਗਮ ਕਰਦਾ ਹੈ ਤਾਂ ਉਸ ਦੀ ਮੰਗ 'ਤੇ ਵੀ ਭਾਰਤੀ ਫੌਜ ਦੀਆਂ ਸੇਵਾਵਾਂ ਪੇਸ਼ ਕੀਤੀਆਂ ਜਾਣਗੀਆਂ? 
ਅੱਜ ਆਮ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਆਪਣੇ-ਆਪ ਨੂੰ ਵੱਡੇ-ਵੱਡੇ ਧਰਮਾਤਮਾ ਸਾਬਤ ਕਰਨ ਵਾਲੇ ਸਾਧ ਬਾਬੇ ਲੋਕਾਂ ਦੀ ਅੰਨ੍ਹੀ ਸ਼ਰਧਾ ਤੋਂ ਵੱਡੇ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਦੀ ਸੰਗਤ ਬਣਨ ਲਈ ਸ਼ਰਧਾਲੂ ਨੂੰ ਮੋਟੀਆਂ ਰਕਮਾਂ ਖਰਚ ਕਰਨੀਆਂ ਪੈਂਦੀਆਂ ਹਨ। ਇੱਥੋਂ ਤੱਕ ਕਿ ਬਹੁਤ ਮਹਿੰਗੇ ਮੁੱਲ ਅਸ਼ੀਰਵਾਦ ਤੱਕ ਵੀ ਵੇਚੇ ਜਾਂਦੇ ਹਨ। ਖਾਸ ਪ੍ਰੋਗਰਾਮਾਂ ਵਿਚ ਬੈਠਣ ਲਈ ਸੀਟ ਬੁੱਕ ਕਰਵਾਉਣ ਦੀ ਫੀਸ ਹਜ਼ਾਰਾਂ ਤੋਂ ਲੱਖਾਂ ਵਿਚ ਵੀ ਹੈ। ਵੀ. ਆਈ. ਪੀਜ਼. ਅਸ਼ੀਰਵਾਦ ਵੀ ਬਾਜ਼ਾਰ ਵਿਚ ਉਪਲਬਧ ਹਨ। ਰੱਬ ਦੇ ਦਰ 'ਤੇ ਸੌਖਿਆਂ ਪ੍ਰਵੇਸ਼ ਕਰਨ ਲਈ ਮਾਲਾਵਾਂ, ਲਾਕਟ, ਜਾਪ ਕਰਨ ਲਈ ਬੈਠਣ ਵਾਲੀਆਂ ਚਟਾਈਆਂ ਅਤੇ ਹੋਰ ਬਹੁਤ ਕੁਝ ਅਜਿਹਾ ਆਮ ਲੋਕਾਂ ਨੂੰ ਵੇਚਿਆ ਜਾ ਰਿਹਾ ਹੈ। ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਅਜਿਹਾ ਕਰਕੇ ਉਹ ਆਪਣੇ ਘਰੇਲੂ ਕਾਰੋਬਾਰਾਂ ਨੂੰ ਵਿਸਥਾਰ ਦੇ ਸਕਦੇ ਹਨ, ਘਰ ਦੇ ਦੁੱਖਾਂ ਦਲਿੱਦਰਾਂ ਤੋਂ ਨਿਜ਼ਾਤ ਪਾ ਸਕਦੇ ਹਨ, ਲੜਾਈ ਝਗੜਿਆਂ ਤੋਂ ਬਚਾਅ ਅਤੇ ਤੰਦਰੁਸਤੀ ਹਾਸਲ ਕਰ ਸਕਦੇ ਹਨ। ਧਰਮ ਕਰਮ ਨਾਲ ਜੁੜੇ ਮੈਗਾ ਪ੍ਰੋਗਰਾਮਾਂ ਵਿਚ ਹਜ਼ਾਰਾਂ ਕਲਾਕਾਰਾਂ ਦੀ ਪੇਸ਼ਕਾਰੀ, ਸਾਧਾਂ, ਸੰਤਾਂ ਅਤੇ ਸਾਧਵੀਆਂ ਦਾ ਫ਼ਿਲਮੀ ਅੰਦਾਜ਼ ਵਿਚ ਫ਼ਿਲਮੀ ਗਾਣਿਆਂ 'ਤੇ ਨੱਚਣਾ-ਥਿਰਕਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਰੱਬੀ ਰਹਿਮਤ ਅਤੇ ਗਲੈਮਰ ਦੀ ਦੁਨੀਆ ਨੂੰ ਬਹੁਤ ਜਲਦੀ ਰਲਗੱਡ ਕਰ ਦਿੱਤਾ ਜਾਵੇਗਾ। ਬਹੁਤ ਜਲਦੀ ਇਸ ਵਿਚ ਹੋਰ ਨਵੀਆਂ ਪ੍ਰਾਪਤੀਆਂ ਕੀਤੀਆਂ ਜਾਣਗੀਆਂ।
ਮਨੁੱਖ ਇਸ ਧਰਤੀ 'ਤੇ ਕੁਝ ਸਮਾਂ ਰਹਿਣ ਲਈ ਆਇਆ ਹੈ। ਇਸ ਦਾ ਇੱਥੇ ਹੋਣਾ ਸਦੀਵੀ ਨਹੀਂ। ਅੱਜ ਇਹ ਵਿਚਾਰਨ ਵਾਲੀ ਗੱਲ ਹੈ ਕਿ ਇਸ ਸਮਾਜ ਨੂੰ ਕਿਸ ਤਰ੍ਹਾਂ ਦਾ ਸਮਾਜ ਬਣਾਇਆ ਜਾ ਰਿਹਾ ਹੈ? ਸਾਡਾ ਆਪਣੀ ਧਰਤੀ ਨਾਲ ਕਿਹੋ ਜਿਹਾ ਵਿਵਹਾਰ ਹੈ? ਸਾਡੇ ਕੁਦਰਤੀ ਸੋਮੇ ਬੜੀ ਤੇਜ਼ੀ ਨਾਲ ਪਲੀਤ ਹੋ ਰਹੇ ਹਨ। ਵਸਤਾਂ, ਪਦਾਰਥਾਂ ਦੀ ਹੋੜ ਅਤੇ ਆਪਣੇ ਵਡੱਪਣ ਲਈ ਵੱਡੇ-ਵੱਡੇ ਪਾਪੜ ਵੇਲਣੇ ਇਹ ਸਭ ਕੁਝ ਸਾਨੂੰ ਕਿਸ ਪਾਸੇ ਲੈ ਜਾਵੇਗਾ? ਅਸੀਂ ਸਭ ਨੇ ਇਸ ਜ਼ਮੀਨ 'ਤੇ ਰਹਿੰਦਿਆਂ ਸੱਤਾ ਤਾਕਤ, ਕਾਰੋਬਾਰ, ਪਰਿਵਾਰ, ਸ਼ਾਨੋ-ਸ਼ੌਕਤ ਆਦਿ ਲਈ ਹੀ ਨਹੀਂ ਜਿਊਣਾ ਹੁੰਦਾ। ਅਸੀਂ ਇਸ ਸਮਾਜ ਲਈ ਵੀ ਜਿਊਣਾ ਹੁੰਦਾ ਹੈ ਅਤੇ ਇਸ ਤੋਂ ਵੀ ਅਗਾਂਹ ਅਸੀਂ ਮਿੱਟੀ, ਪਾਣੀ ਅਤੇ ਹਵਾ ਲਈ ਵੀ ਜਿਊਣਾ ਹੁੰਦਾ ਹੈ। ਸਾਧਾਂ ਸੰਤਾਂ ਵੱਲੋਂ ਵੱਡੇ ਸਾਮਰਾਜ ਅਤੇ ਕਾਰੋਬਾਰਾਂ ਦੀ ਸਥਾਪਤੀ ਕਰਨੀ ਇਸ ਗੱਲ ਵੱਲ ਇਸ਼ਾਰਾ ਹੈ ਕਿ ਸਬਰ ਸੰਤੋਖ ਅਤੇ ਸਾਦਾ ਰਹਿਣ-ਸਹਿਣ ਅਤੇ ਖਾਣ-ਪੀਣ ਜਿਹੀਆਂ ਗੱਲਾਂ ਹੁਣ ਅਜੋਕੇ ਧਰਮ-ਕਰਮ ਦੇ ਖੇਤਰ 'ਚੋਂ ਮਨਫ਼ੀ ਕਰ ਦਿੱਤੀਆਂ ਗਈਆਂ ਹਨ। ਅੱਜ ਆਮ ਲੋਕਾਂ ਨੂੰ ਅਜਿਹੇ ਵਰਤਾਰਿਆਂ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਸਭ ਧਿਰਾਂ ਦੀ ਕਾਰਜ-ਵਿਧੀ ਨੂੰ ਸਮਝਣ ਦੀ ਲੋੜ ਹੈ ਜੋ ਅੱਜ ਲੋਕ ਮਾਨਸਿਕਤਾ ਨੂੰ ਅੰਧ ਵਿਸ਼ਵਾਸਾਂ ਦੀ ਦਲਦਲ ਵੱਲ ਧੱਕ ਕੇ ਇਸ ਤੋਂ ਕਮਾਈਆਂ ਕਰਨ ਵਿਚ ਜੁਟੀਆਂ ਹੋਈਆਂ ਹਨ। ਅੱਜ ਸਮਾਜ ਦਾ ਭਲਾ ਚਾਹੁਣ ਵਾਲਿਆਂ ਬੁੱਧੀਜੀਵੀਆਂ, ਤਰਕਸ਼ੀਲਾਂ, ਵਿਦਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਮ ਲੋਕਾਂ ਨੂੰ ਅਜੋਕੇ ਅੰਧਵਿਸ਼ਵਾਸ ਦੇ ਬਾਜ਼ਾਰ ਤੋਂ ਸੁਚੇਤ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ।
-ਮੋ: 98550-51099

No comments:

Post a Comment